ਮੋਹਾਲੀ 19 ਜੁਲਾਈ : ਐਂਟੀ ਨਾਰਕੋਟਿਕ ਸੈੱਲ ਮੋਹਾਲੀ ਨੇ ਇੱਕ ਵਿਅਕਤੀ ਪਾਸੋਂ ਚੌਵੀ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਦਲਜਿੰਦਰ ਸਿੰਘ ਉਰਫ ਜਿੰਦਰ ਵਜੋਂ ਹੋਈ ਹੈ ਜਿਹੜਾ ਕਿ ਮੋਹਾਲੀ ਚ ਪੈਂਦੇ ਪਿੰਡ ਮੱਕੜਿਆਂ ਦਾ ਰਹਿਣ ਵਾਲਾ ਹੈ। ਦੋਸ਼ੀ ਨੂੰ ਮਜਾਤ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਂਟੀ ਨਾਰਕੋਟਿਕ ਸੈੱਲ ਮੋਹਾਲੀ ਦੇ ਇੰਚਾਰਜ਼ ਸੁਖਮੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਆਪਣੇ ਪਿੰਡ ਮੱਕੜਿਆਂ ਤੋਂ ਗੋਲੀਆਂ ਦੀ ਸਪਲਾਈ ਕਰਨ ਜਾ ਰਿਹਾ ਸੀ।
ਇਸ ਦੌਰਾਨ ਐਂਟੀ ਨਾਰਕੋਟਿਕ ਸੈੱਲ ਮੋਹਾਲੀ ਦੀ ਟੀਮ ਨੇ ਦੋਸ਼ੀ ਨੂੰ ਮਜਾਤ ਟੀ-ਪੁਆਇੰਟ ‘ਤੇ ਰੋਕ ਕੇ ਜਦ ਉਸਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਇਸ ਪਾਸੋਂ ਕਾਰ ਦੇ ਵਿਚ ਰੱਖੀਆਂ ਲੋਮੋਟਿਲ ਨਾਮਕ 24 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਿੰਡ ਮਜਾਤ ਵਿਖੇ ਇਕ ਚਾਹ ਦੀ ਦੁਕਾਨ ਚਲਾਉਂਦਾ ਹੈ ਅਤੇ ਇਸਦੀ ਆੜ ਵਿਚ ਇਹ ਵਿਅਕਤੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਪਿਛਲੇ ਕਈ ਸਾਲਾਂ ਤੋਂ ਧੰਦਾ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅੱਜ ਖਰੜ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਦੋਸ਼ੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ।
ਐਂਟੀ ਨਾਰਕੋਟਿਕ ਸੈੱਲ ਮੋਹਾਲੀ ਦੇ ਇੰਚਾਰਜ਼ ਸੁਖਮੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੇ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਕਿਥੋਂ ਨਸ਼ੀਲੀਆਂ ਗੋਲੀਆਂ ਲੈਕੇ ਆਉਂਦਾ ਸੀ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਸੈੱਲ ਵਲੋਂ ਕੇਸ ਦੀ ਤਹਿ ਤਕ ਪੁੱਜਿਆ ਜਾਵੇਗਾ।