ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ ਹੈ। ਰਾਮ ਰਹੀਮ ਨੇ ਇਹ ਪੈਰੋਲ ਖੇਤੀ ਕਰਨ ਵਾਸਤੇ ਮੰਗੀ ਸੀ। ਹੁਣ ਉਨ੍ਹਾਂ ਦੇ ਵਕੀਲ ਨੇ ਜੇਲ੍ਹ ਪ੍ਰਸ਼ਾਸਨ ਨੂੰ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਅਪੀਲ ਕੀਤੀ ਹੈ। ਦਰਅਸਲ ਹਰ ਪਾਸੇ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਸੀ। ਰਾਮ ਰਹੀਮ ਨੇ ਖੇਤੀ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ ਪਰ ਸਾਹਮਣੇ ਆਇਆ ਸੀ ਕਿ ਨਾ ਤਾਂ ਉਹ ਕਿਸਾਨ ਹਨ ਤੇ ਨਾ ਹੀ ਉਹ ਖੇਤੀ ਲਾਇਕ ਜ਼ਮੀਨ ਦੇ ਮਾਲਕ ਹਨ।
ਮਨੁੱਖੀ ਅਧਿਕਾਰ ਇੰਟਰਨੈਸ਼ਨਲ ਵਿੰਗ ਨੇ ਕਿਹਾ ਸੀ ਕਿ ਜੇ ਹਰਿਆਣਾ ਸਰਕਾਰ ਪੈਰੋਲ ਨੂੰ ਮਨਜ਼ੂਰ ਕਰਦੀ ਹੈ ਤਾਂ ਉਹ ਹਾਈਕੋਰਟ ਵਿੱਚ ਚੁਣੌਤੀ ਦੇਵੇਗੀ। ਸੰਗਠਨ ਨੇ ਕਿਹਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਨੂੰ ਪੈਰੋਲ ਦੀ ਜਾਂਚ ਨੂੰ ਅਗਾਂਹ ਲੈ ਕੇ ਜਾਣ ਦੀ ਬਜਾਏ ਤੁਰੰਤ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਸੀ।