*ਖਰੜ, 26 ਜੂਨ :-*
*ਬਲਾਕ ਖਰੜ ਦੇ ਪਿੰਡ ਰਾਜੋਮਾਜਰਾ ਦਾ ਸਫ਼ਲ ਕਿਸਾਨ ਚਤੰਨ ਸਿੰਘ (45) ਖੇਤੀਬਾੜੀ ਦੇ ਨਾਲ ਨਾਲ ਸੂਰ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਉਹ ਪਿਛਲੇ ਪੰਜ ਸਾਲ ਤੋਂ ਖੇਤੀ ਦੇ ਨਾਲ ਨਾਲ ਸੂਰ ਪਾਲਣ ਦਾ ਕਿੱਤਾ ਕਰ ਰਿਹਾ ਹੈ ਅਤੇ ਇਸ ਕਿੱਤੇ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ।*
*ਕਿਸਾਨ ਚਤੰਨ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2015 ਵਿੱਚ ਸਰਕਾਰੀ ਸੂਰ ਪ੍ਰਜਣਨ ਕੇਂਦਰ ਛੱਜੂ ਮਾਜਰਾ ਦੇ ਕੇਂਦਰ ਤੋਂ ਸੂਰ ਪਾਲਣ ਦੀ ਸਿਖਲਾਈ ਲੈਣ ਮਗਰੋਂ 10 ਮਾਦਾ ਅਤੇ 2 ਨਰ ਸੂਰਾਂ ਤੋਂ ਇਹ ਸਹਾਇਕ ਧੰਦਾ ਸ਼ੁਰੂ ਕੀਤਾ, ਜਿਸ ਲਈ ਉਸ ਨੇ 70 x 45 ਫੁੱਟ ਦਾ ਸ਼ੈੱਡ ਬਣਾਇਆ, ਜਿਸ ‘ਤੇ ਸਰਕਾਰ ਵੱਲੋਂ ਉਸ ਨੂੰ 25 ਫੀਸਦੀ ਸਬਸਿਡੀ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਸਮੇਂ ਉਸ ਕੋਲ 20 ਮਾਦਾ ਅਤੇ 2 ਨਰ ਸੂਰ ਹਨ ਅਤੇ ਇਕ ਸੂਰ ਨੂੰ ਦਿਨ ਵਿੱਚ 2 ਕਿਲੋ ਫੀਡ ਚਾਰੀ ਜਾਂਦੀ ਹੈ। 2.5 ਤੋਂ 3 ਮਹੀਨੇ ਦਾ ਬੱਚਾ (ਵਜ਼ਨ ਲਗਪਗ 20 ਕਿਲੋ) ਨੂੰ 3000 ਤੋਂ 3500 ਰੁਪਏ ਤੱਕ ਵੇਚਿਆ ਜਾਂਦਾ ਹੈ ਅਤੇ ਮਾਰਕੀਟਿੰਗ ਲਈ ਬਾਹਰ ਵੀ ਨਹੀਂ ਜਾਣਾ ਪੈਂਦਾ। ਉਸ ਦੇ ਫਾਰਮ ਉਪਰ ਹੀ ਸੂਰਾਂ ਦੇ ਖਰੀਦਦਾਰ ਖਰੀਦ ਕਰਨ ਪੁੱਜ ਜਾਂਦੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਸਾਲ ਵਿੱਚ 4.5 ਤੋਂ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ।*
*ਚਤੰਨ ਸਿੰਘ ਨੇ ਦੱਸਿਆ ਕਿ ਉਸ ਕੋਲ 10 ਏਕੜ ਜ਼ਮੀਨ ਹੈ, ਜਿਸ ਉਪਰ ਉਸ ਵੱਲੋਂ ਜਿੱਥੇ ਵੱਖ ਵੱਖ ਤਰਾ ਦੀਆਂ ਫਸਲਾਂ ਜਿਵੇਂ ਝੋਨਾ, ਕਣਕ, ਆਲੂ, ਪਿਆਜ ਅਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ, ਉਥੇ ਸੂਰ ਦੇ ਮਲ-ਮੂਤਰ ਨੂੰ ਗੋਹੇ ਵਾਂਗ ਖਾਦ ਦੇ ਤੌਰ ‘ਤੇ ਫਸਲਾਂ ਵਿੱਚ ਵਰਤਿਆ ਜਾਂਦਾ ਹੈ, ਜਿਸ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਬਹਤ ਘੱਟ ਮਤਰਾ ਵਿੱਚ ਹੁੰਦੀ ਹੈ ਅਤੇ ਖਾਦਾਂ ਦਾ ਖਰਚਾ ਵੀ ਘਟਦਾ ਹੈ। ਉਸ ਨੇ ਦੱਸਿਆ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਖੇਤ ਵਿੱਚ ਦਬਾਅ ਕੇ ਖੇਤੀ ਕਰਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਕਿਸਾਨ ਵੱਲੋਂ ਖੇਤੀਬਾੜੀ ਵਿਭਾਗ ਅਤੇ ਆਤਮਾ ਸਕੀਮ ਅਧੀਨ ਲਾਏ ਜਾਂਦੇ ਕੈਂਪਾਂ ਅਤੇ ਹੋਰ ਵਿਭਾਗੀ ਗਤੀਵਿਧੀਆਂ ਵਿੱਚ ਸਮੇਂ ਸਮੇਂ ਸਿਰ ਭਾਗ ਲੈ ਕੇ ਦੂਜੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।*
*ਜ਼ਿਕਰਯੋਗ ਹੈ ਕਿ ਖੇਤੀ ਵਿੱਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵੱਲੋਂ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸੂਰ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਲੋਕਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਅਗਵਾਈ ਵੀ ਦਿੱਤੀ ਜਾ ਰਹੀ ਹੈ।*